
ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਥਾਵਾਂ ਨਿਰਧਾਰਤ, ਸਵੇਰੇ 11 ਵਜੇ ਤੋਂ 3 ਵਜੇ ਤੱਕ ਲਈਆਂ ਜਾਣਗੀਆਂ ਨਾਮਜ਼ਦਗੀਆਂ : ਵਧੀਕ ਜ਼ਿਲ੍ਹਾ ਚੋਣ ਅਫ਼ਸਰ
ਹੁਸ਼ਿਆਰਪੁਰ, 13 ਮਈ : ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨਿਕਾਸ ਕੁਮਾਰ ਨੇ ਦੱਸਿਆ ਕਿ ਮਿਉਂਸਪਲ ਚੋਣਾਂ-2026 ਤਹਿਤ ਜ਼ਿਲ੍ਹੇ ਵਿਚ ਮੁਕੇਰੀਆਂ, ਟਾਂਡਾ, ਦਸੂਹਾ, ਹਰਿਆਣਾ, ਗੜ੍ਹਸ਼ੰਕਰ ਅਤੇ ਗੜ੍ਹਦੀਵਾਲਾ ਨਗਰ ਕੌਂਸਲਾਂ ਲਈ ਵੋਟਾਂ 26 ਮਈ ਨੂੰ ਪੈਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਵਾਸਤੇ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਐਸ.ਡੀ.ਐਮ. ਕੋਰਟ ਰੂਮ, ਤਹਿਸੀਲ ਕੰਪਲੈਕਸ ਮੁਕੇਰੀਆਂ, ਐਸ.ਡੀ.ਐਮ. ਦਫ਼ਤਰ ਟਾਂਡਾ, ਐਸ.ਡੀ.ਐਮ. ਕੋਰਟ ਰੂਮ ਕੰਪਲੈਕਸ ਦਸੂਹਾ, ਜੀ.ਜੀ.ਡੀ.ਐਸ.ਡੀ. ਕਾਲਜ ਹਰਿਆਣਾ, ਐਸ.ਡੀ.ਐਮ ਦਫ਼ਤਰ ਕੋਰਟ ਰੂਮ ਗੜ੍ਹਸ਼ੰਕਰ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਸ਼ਾਮਲ ਹਨ ਜਿਥੇ ਉਮੀਦਵਾਰਾਂ ਵਲੋਂ ਸਵੇਰੇ 11 ਵਜੇ ਤੋਂ 3 ਵਜੇ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਨਾਮਜ਼ਦਗੀਆਂ 16 ਮਈ (ਸ਼ਨੀਵਾਰ) ਤੱਕ ਲਈਆਂ ਜਾਣਗੀਆਂ।






